ਪਟਿਆਲਾ: 21 ਅਗਸਤ, 2015
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ “ਸ਼ਖਸੀਅਤ ਨਿਰਮਾਣ ਵਿਚ ਪੁਸਤਕਾਂ੍ਸਾਹਿਤ ਦਾ ਯੋਗਦਾਨ“ ਵਿਸ਼ੇ ਤੇ ਇਕ ਵਿਸ਼ੇਸ਼ ਭਾਸਣ ਆਯੋਜਿਤ ਕੀਤਾ ਗਿਆ। ਇਸ ਅਵਸਰ ਤੇ  ਡਾ. ਧਨਵੰਤ ਕੌਰ, ਪ੍ਰੋਫੈਸਰ ਇੰਚਾਰਜ, ਪਬਲਿਕੇਸ਼ਨ ਬਿਊਰੋ ਅਤੇ ਸਾਬਕਾ ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮੁੱਖ ਵਕਤਾ ਵਜੋਂ ਬੋਲਦਿਆਂ ਕਿਹਾ ਕਿ ਪੁਸਤਕਾਂ ਪੜ੍ਹਨ ਦੀ ਤਮੰਨਾ ਜੀਊਂਦੇੱਜਾਗਦੇ ਇਨਸਾਨ ਦੀ ਨਿਸ਼ਾਨੀ ਹੈ। ਮੌਜੂਦਾ ਪੀੜੀ ਇਸ ਗੱਲੋਂ ਖੁਸ਼ਕਿਸਮਤ ਹੈ ਕਿ ਉਸ ਕੋਲ ਪੜ੍ਹਨ ਲਈ ਪੁਸਤਕਾਂ ਦਾ ਖ਼ਜ਼ਾਨਾ ਹੈ ਅਤੇ ਪੜ੍ਹਨੱਸਮਝਣ ਦੀ ਸਮਰੱਥਾ ਵੀ ਹੈ। ਪੁਸਤਕਾਂ ਰਾਹੀਂ ਪੁਰਖਿਆਂ ਦੁਆਰਾ ਸੰਚਿਤ ਗਿਆਨ ਅਤੇ ਅਨੁਭਵ ਅਗਲੀ ਪੀੜੀ ਤੱਕ ਪਹੁੰਚਦਾ ਹੈ। ਵਿਦਵਾਨ ਵਕਤਾ ਨੇ ਇਹ ਵੀ ਕਿਹਾ ਕਿ ਭਾਵੇਂ ਸਾਡੇ ਦੇਸ਼ ਦੇ ਲੋਕਾਂ ਨੇ ਸਿੱਖਿਆ ਦੇ ਖੇਤਰ ਵਿਚ ਪ੍ਰਾਪਤੀਆਂ ਕੀਤੀਆਂ ਹਨ ਪਰ ਅਜੇ ਵੀ ਤਸਵੀਰ ਜ਼ਿਆਦਾ ਉਤਸ਼ਾਹ ਵਾਲੀ ਨਹੀਂ। 1947 ਵਿਚ ਭਾਰਤ ਦੀ 12 ਪ੍ਰਤੀਸ਼ਤ ਆਬਾਦੀ ਸਾਖਰ ਸੀ, ਜਦ ਕਿ ਤਾਜ਼ਾ ਅੰਕੜਿਆਂ ਅਨੁਸਾਰ ਅਜੇ ਵੀ ਭਾਰਤ ਦੀਆਂ 50 ਪ੍ਰਤੀਸ਼ਤ ਔਰਤਾਂ ਅਣਪੜ੍ਹ ਹੀ ਹਨ।
ਡਾ. ਧਨਵੰਤ ਕੌਰ ਨੇ ਇਹ ਵੀ ਕਿਹਾ ਕਿ ਗਿਆਨ ਵਿਗਿਆਨ ਅਤੇ ਸਿੱਖਿਆ ਦੇ ਪਾਸਾਰ ਦੇ ਬਾਵਜੂਦ ਸੰਸਾਰ ਵਿਚ ਮਾਰ-ਧਾੜ, ਹਿੰਸਾ ਤੇ ਅਪਰਾਧ ਵਧ ਰਹੇ ਹਨ। ਅਹਿਸਾਸਾਂ ਤੋਂ ਸੱਖਣੇ ਮਸ਼ੀਨੀ ਮਨੁੱਖ ਪੈਦਾ ਹੋ ਰਹੇ ਹਨ। ਇਸ ਸਥਿਤੀ ਵਿਚ ਕਿਸੇ ਵੀ ਹੋਰ ਸਮਾਜਕ ਸਰਗਰਮੀ ਨਾਲੋਂ ਚੰਗੇ ਸਾਹਿਤ ਦਾ ਰੋਲ ਜ਼ਿਆਦਾ ਸਾਰਥਕ ਸਿੱਧ ਹੋ ਸਕਦਾ ਹੈ। ਨੌਜਵਾਨਾਂ ਦੇ ਸ਼ਖਸੀਅਤ ਨਿਰਮਾਣ ਵਿਚ ਟੀ.ਵੀ. ਅਤੇ ਸੋਸ਼ਲ ਮੀਡੀਆ ਵੱਡੀ ਚੁਣੌਤੀ ਵਜੋਂ ਸਾਹਮਣੇ ਆ ਰਹੇ ਹਨ। ਇਕ ਸਰਵੇਖਣ ਅਨੁਸਾਰ ਅਮਰੀਕਾ ਵਿਚ ਇਕ ਬੱਚਾ ਹਰ ਰੋਜ਼ ਔਸਤਨ 7 ਘੰਟੇ ਟੀ.ਵੀ. ਦੇਖਦਾ ਹੈ ਅਤੇ ਪ੍ਰਾਇਮਰੀ ਜਮਾਤ ਤਕ ਉਹ ਕਤਲ ਅਤੇ ਮਾਰੱਧਾੜ ਦੇ ਅੱਠ ਹਜ਼ਾਰ ਕੇਸ ਦੇਖ ਲੈਂਦਾ ਹੈ। ਇਸ ਦੇ ਉਲਟ ਅਮਰੀਕੀ ਮਾਪੇ ਆਪਣੇ ਬੱਚਿਆਂ ਨਾਲ ਅਰਥ ਭਰਪੂਰ ਗੱਲਬਾਤ ਦਿਨ ਵਿਚ ਸਿਰਫ਼ ਸਾਢੇ ਤਿੰਨ ਮਿੰਟ ਹੀ ਕਰਦੇ ਹਨ। ਵਿਦਵਾਨ ਵਕਤਾ ਨੇ ਕਿਹਾ ਕਿ ਸਾਹਿਤ ਦੀ ਤਾਸੀਰ ਕਲਿਆਣਕਾਰੀ ਹੈ। ਸੋਚ ਅਤੇ ਸੁਹਜ ਨਾਲ ਉਸ ਦਾ ਪੱਕਾ ਰਿਸ਼ਤਾ ਹੈ। ਇਸ ਲਈ ਨੌਜਵਾਨਾਂ ਨੂੰ ਉਚੇਰੀਆਂ ਜੀਵਨ ਕੀਮਤਾਂ ਦੇ ਧਾਰਨੀ ਬਣਾਉਣ ਵਿਚ ਚੰਗੀਆਂ ਪੁਸਤਕਾਂ ਅਤੇ ਸਾਹਿਤ ਉਸਾਰੂ ਯੋਗਦਾਨ ਪਾ ਸਕਦੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮਹਿਮਾਨ ਵਕਤਾ ਦਾ ਸਵਾਗਤ ਕਰਦਿਆਂ ਸੰਸਾਰ ਦੇ ਵਿਗਿਆਨੀਆਂ ਦੇ ਖੋਜ ਕਾਰਜ ਅਤੇ ਉਨ੍ਹਾਂ ਦੀ ਪੁਸਤਕਾਂ ਪੜ੍ਹਨ ਦੀ ਰੁਚੀ ਦਾ ਜ਼ਿਕਰ ਕੀਤਾ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਨਿਜੀ ਲਾਇਬ੍ਰੇਰੀ ਜ਼ਰੂਰ ਬਣਾਉਣ।
ਇਸ ਅਵਸਰ ਤੇ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੀ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਡਾ. ਧਨਵੰਤ ਕੌਰ ਨੇ ਸਾਂਝੇ ਰੂਪ ਵਿਚ ਕੀਤਾ। ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਇਸ ਪੁਸਤਕ ਪ੍ਰਦਰਸ਼ਨੀ ਵਿਚ ਦਿਲਚਸਪੀ ਲੈ ਕੇ ਮੰਨਪਸੰਦ ਪੁਸਤਕਾਂ ਖਰੀਦੀਆਂ। ਯੂਨੀਵਰਸਿਟੀ ਵੱਲੋਂ ਇਨ੍ਹਾਂ ਪੁਸਤਕਾਂ ਉਪਰ 50 ਪ੍ਰਤੀਸ਼ਤ ਦੀ ਛੋਟ ਦਿੱਤੀ ਗਈ। ਇਸ ਮੌਕੇ ਡਾ. ਧਨਵੰਤ ਕੌਰ ਨੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਭਿੰਨ-ਭਿੰਨ ਵਿਸ਼ਵ ਕੋਸ਼ਾਂ ਅਤੇ ਸੰਸਾਰ ਪ੍ਰਸਿੱਧ ਸਾਹਿਤਕ ਕਿਰਤਾਂ ਦੀਆਂ ਅਨੁਵਾਦਿਤ ਪੁਸਤਕਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਬਲਵੀਰ ਸਿੰਘ ਨੇ ਮੰਚ ਸੰਚਾਲਣ ਦਾ ਕਾਰਜ ਨਿਭਾਇਆ। ਡਾ. ਹਰਚਰਨ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ।
ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ